Accident in Moga: ਮੋਗਾ ‘ਚ ਖੌਫ਼ਨਾਕ ਸੜਕ ਹਾਦਸਾ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਕਾਰ ਦੀ ਟੱਕਰ ‘ਚ ਮੌਤ

Moga News: ਮੋਗਾ-ਬਰਨਾਲਾ ਬਾਇਪਾਸ ‘ਤੇ ਸ਼ਨੀਵਾਰ ਨੂੰ ਉਸ ਵੇਲੇ ਇਕ ਦਰਦਨਾਕ ਹਾਦਸਾ ਹੋਇਆ, ਜਦੋਂ ਆਪਣੇ ਪਤੀ ਅਤੇ ਧੀ ਨਾਲ ਭਰਾ ਦੀ ਕਲਾਈ ‘ਤੇ ਰਾਖੀ ਬੰਨ੍ਹਣ ਲਈ ਜਾ ਰਹੀ ਭੈਣ ਦੀ ਹਾਦਸੇ (Woman Dies in Road Accident) ਵਿੱਚ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਉਸਦਾ ਪਤੀ ਅਤੇ ਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਵਿੱਚ ਦਾਖ਼ਲ ਸੁਖਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਰਾਜਵੀਰ ਕੌਰ ਅਤੇ ਪਿਤਾ ਸਮੇਤ ਧੂਰਕੋਟ ਚੜ੍ਹਤਸਿੰਘ ਵਾਲਾ ਵਿੱਚ ਮਾਸੀ ਦੇ ਘਰ ਮਾਮਾ ਨੂੰ ਰੱਖੜੀ ਬੰਨ੍ਹਣ ਲਈ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਸੜਕ ਪਾਰ ਕਰਨ ਦੌਰਾਨ ਉਨ੍ਹਾਂ ਦੀ ਮੋਟਰਸਾਈਕਲ ਨੂੰ ਇਕ ਕਾਰ ਨੇ (Car Accident) ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋ ਗੰਭੀਰ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰਾਜਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਗੁਰਤੇਜ ਸਿੰਘ ਸਮੇਤ ਸੁਖਦੀਪ ਕੌਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਐਮਰਜੈਂਸੀ ਸਟਾਫ਼ ਨੇ ਦੋਵਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।