ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅੱਡੇ ‘ਤੇ ਗੋਲੀਬਾਰੀ, ਕਈ ਜਵਾਨ ਜ਼ਖਮੀ; ਪੂਰਾ ਖੇਤਰ ਸੀਲ

US largest army base attacked: ਅਮਰੀਕਾ ਦੇ ਜਾਰਜੀਆ ਰਾਜ ਵਿੱਚ ਸਥਿਤ ਫੋਰਟ ਸਟੀਵਰਟ ਫੌਜੀ ਅੱਡੇ ‘ਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਨੇ ਹੜਕੰਪ ਮਚਾ ਦਿੱਤਾ। ਇਸ ਹਮਲੇ ਵਿਚ ਘੱਟੋ-ਘੱਟ 5 ਫੌਜੀ ਜਵਾਨ ਜ਼ਖ਼ਮੀ ਹੋ ਗਏ ਹਨ। ਹਾਦਸੇ ਮਗਰੋਂ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਯੂਐਸ ਆਰਮੀ ਦੇ ਪ੍ਰਵਕਤਾ ਲੈਫਟਿਨੈਂਟ ਕਰਨਲ ਐਂਜਲ ਟਾਮਕੋ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ, “ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਅਤੇ ਹਮਲਾਵਰ ਹਿਰਾਸਤ ‘ਚ ਹੈ।”
ਫੋਰਟ ਸਟੀਵਰਟ ਦੀ ਸਰਕਾਰੀ ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ, “ਇਹ ਇਕ ਗੰਭੀਰ ਹਾਲਾਤ ਹੈ। ਕਈ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਅਸੀਂ ਸਾਰੇ ਕਰਮਚਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਥਾਵਾਂ ‘ਤੇ ਰਹੋ, ਖਿੜਕੀਆਂ ਅਤੇ ਦਰਵਾਜ਼ੇ ਬੰਦ ਰਖੋ।”
ਪੂਰਾ ਫੌਜੀ ਖੇਤਰ ਲਾਕਡਾਊਨ ‘ਚ
ਹਾਦਸੇ ਤੋਂ ਬਾਅਦ ਫੋਰਟ ਸਟੀਵਰਟ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਕਿਸੇ ਵੀ ਆਮ ਜਾਂ ਫੌਜੀ ਅਧਿਕਾਰੀ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ। ਇਹ ਅੱਡਾ ਅਮਰੀਕਾ ਦੀ ਫੌਜੀ ਤਾਕਤ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜੋ ਕਿ ਮਿਸਿਸਿਪੀ ਨਦੀ ਤੋਂ ਪੂਰਬ ਵੱਲ ਸਥਿਤ ਸਭ ਤੋਂ ਵੱਡਾ ਆਰਮੀ ਬੇਸ ਹੈ। ਇਹ ਸਵਾਨਾ ਸ਼ਹਿਰ ਤੋਂ ਲਗਭਗ 64 ਕਿਲੋਮੀਟਰ ਦੂਰ ਸਥਿਤ ਹੈ ਅਤੇ ਇੱਥੇ ਹਜ਼ਾਰਾਂ ਫੌਜੀ ਅਤੇ ਉਹਨਾਂ ਦੇ ਪਰਿਵਾਰ ਰਹਿੰਦੇ ਹਨ।
ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੇ ਕਿਹਾ ਕਿ ਉਹ ਘਟਨਾ ‘ਤੇ ਨਜ਼ਰ ਬਣਾਈ ਹੋਈ ਹੈ ਅਤੇ ਸੰਬੰਧਿਤ ਏਜੰਸੀਆਂ ਨਾਲ ਲਗਾਤਾਰ ਸੰਪਰਕ ‘ਚ ਹਨ। ਹਮਲੇ ਦੇ ਪਿੱਛੇ ਦੇ ਕਾਰਨ ਦੀ ਜਾਂਚ ਜਾਰੀ ਹੈ।