ਬਠਿੰਡਾ ਡਿਪੋ ਦੀ ਸਰਕਾਰੀ ਬੱਸ ਚੋਰੀ, ਸਵੇਰੇ ਬੱਸ ਸਟੈਂਡ ’ਤੇ ਪਹੁੰਚੇ ਡਰਾਈਵਰ-ਕੰਡਕਟਰ ਦੇ ਉੱਡੇ ਹੋਸ਼

PRTC bus stolen from Bathinda depot: ਪੰਜਾਬ ਦੇ ਬਠਿੰਡਾ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਿੱਥੇ ਸ਼ਾਤਿਰ ਚੋਰਾਂ ਨੇ ਪੰਜਾਬ ਰੋਡਵੇਜ਼ (PRTC) ਦੀ ਸਰਕਾਰੀ ਬੱਸ ਹੀ ਚੋਰੀ ਕਰ ਲਈ। ਇਹ ਘਟਨਾ ਕਸਬਾ ਮੋੜ ਮੰਡੀ ਦੇ ਬੱਸ ਸਟੈਂਡ ਦੀ ਹੈ ਜਿੱਥੋਂ ਚੋਰ ਰਾਤ ਦੇ ਸਮੇਂ ਬੱਸ ਲੈ ਗਏ ਸੀ।
ਇਹ ਬੱਸ ਬਠਿੰਡਾ PRTC ਡਿਪੋ ਨਾਲ ਸੰਬੰਧਤ ਸੀ ਜੋ ਸਮਾਂ-ਸਮੇਂ ’ਤੇ ਮੋੜ ਤੋਂ ਮਾਨਸਾ ਤੱਕ ਚਲਾਈ ਜਾਂਦੀ ਸੀ। ਚੋਰ ਬੱਸ ਨੂੰ ਚੁੱਕ ਕੇ ਕੁਝ ਕਿਲੋਮੀਟਰ ਲੈ ਗਏ ਪਰ ਬੱਸ ਘੁੰਮਣ ਕੈਂਚੀਆਂ ਵਾਲੀ ਸੜਕ ’ਤੇ ਇੱਕ ਕੱਚੇ ਰਸਤੇ ਵਿੱਚ ਫਸ ਗਈ। ਬੱਸ ਨੂੰ ਕੱਢਣ ਦੀ ਕੋਸ਼ਿਸ਼ ਬੇਅਸਰ ਰਹੀ, ਜਿਸ ਤੋਂ ਬਾਅਦ ਚੋਰ ਬੱਸ ਨੂੰ ਓਥੇ ਛੱਡ ਕੇ ਭੱਜ ਗਏ।
ਸਵੇਰੇ ਜਦ ਡਰਾਈਵਰ ਅਤੇ ਕੰਡਕਟਰ ਬੱਸ ਸਟੈਂਡ ਪਹੁੰਚੇ, ਬੱਸ ਨਾਹ ਮਿਲਣ ਤੇ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਜਾਂਚ ’ਚ ਪਤਾ ਲੱਗਾ ਕਿ ਬੱਸ ਮੌਕੇ ‘ਤੇ ਮਿਲ ਗਈ, ਜੋ ਕਿ ਕੀਚੜ ‘ਚ ਫਸ ਗਈ ਸੀ।
ਮੋੜ ਥਾਣਾ ਇੰਚਾਰਜ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਸੀਸੀਟੀਵੀ ਅਤੇ ਹੋਰ ਤਕਨੀਕੀ ਮਦਦ ਨਾਲ ਚੋਰਾਂ ਦੀ ਪਛਾਣ ਜਲਦੀ ਕਰ ਲਈ ਜਾਵੇਗੀ। PRTC ਮੋੜ ਇੰਚਾਰਜ ਸੁਖਪਾਲ ਸਿੰਘ ਨੇ ਵੀ ਕਿਹਾ ਕਿ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।