ਅੱਜ ਲੁਧਿਆਣਾ ‘ਚ ਕਿਸਾਨਾਂ ਦੀ ਮਹਾਪੰਚਾਇਤ ‘ਚ ਸ਼ਾਮਲ ਹੋਣਗੇ ਕਿਸਾਨ ਆਗੂ ਡੱਲੇਵਾਲ, ਲੈਂਡ ਪੂਲਿੰਗ ਦਾ ਕਰ ਰਹੇ ਵਿਰੁੱਧ

Farmer Leader Jagjit Singh Dallewal: ਇਹ ਰੈਲੀ ਲੁਧਿਆਣਾ ਜ਼ਿਲ੍ਹੇ ਦੇ ਜੋਧਾ ਪਿੰਡ ਦੀ ਅਨਾਜ ਮੰਡੀ ਵਿੱਚ ਹੋਵੇਗੀ, ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣਗੇ।
Mahapanchayat in Ludhiana: ਅੱਜ ਲੁਧਿਆਣਾ ਵਿੱਚ ਕਿਸਾਨਾਂ ਦੀ ਇੱਕ ਮਹਾਪੰਚਾਇਤ ਹੈ। ਇਸ ਦੇ ਨਾਲ ਹੀ ਕਿਸਾਨ “ਜ਼ਮੀਨ ਬਚਾਓ ਰੈਲੀ” ਦਾ ਵੀ ਆਯੋਜਨ ਕਰਨਗੇ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ ਭਾਰਤ) ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰੇਗਾ। ਇਹ ਰੈਲੀ ਲੁਧਿਆਣਾ ਜ਼ਿਲ੍ਹੇ ਦੇ ਜੋਧਾ ਪਿੰਡ ਦੀ ਅਨਾਜ ਮੰਡੀ ਵਿੱਚ ਹੋਵੇਗੀ, ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣਗੇ।
ਇਸ ਦੇ ਨਾਲ ਹੀ ਡੱਲੇਵਾਲ ਨੇ ਕਿਹਾ ਕਿ ਇਸ ਮਹਾਪੰਚਾਇਤ ਵਿੱਚ ਆਉਣ ਲਈ ਸਾਰੇ ਲੋਕਾਂ ਨੂੰ ਖੁੱਲ੍ਹਾ ਸੱਦਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਦੇ ਪੂੰਜੀਪਤੀਆਂ ਦੇ ਇਸ਼ਾਰੇ ‘ਤੇ, ਪੰਜਾਬ ਸਰਕਾਰ ਲੈਂਡ ਪੂਲਿੰਗ ਵਰਗੀ “ਕਾਲੀ ਨੀਤੀ” ਰਾਹੀਂ ਸੂਬੇ ਦੀਆਂ ਉਪਜਾਊ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਸਾਜ਼ਿਸ਼ ਰਚ ਰਹੀ ਹੈ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਇਸ ਨੀਤੀ ਕਾਰਨ, 65 ਹਜ਼ਾਰ ਏਕੜ ਤੋਂ ਵੱਧ ਉਪਜਾਊ ਜ਼ਮੀਨ, ਜਿਸ ‘ਤੇ ਕਣਕ, ਝੋਨਾ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ, ਬਰਬਾਦ ਹੋ ਜਾਵੇਗੀ ਅਤੇ ਇਸ ਨਾਲ ਭੋਜਨ ਸੰਕਟ ਪੈਦਾ ਹੋ ਸਕਦਾ ਹੈ।
ਕਿਉਂ ਹੋ ਰਿਹਾ “ਲੈਂਡ ਪੂਲਿੰਗ” ਨੀਤੀ ਦਾ ਵਿਰੋਧ
ਕਿਸਾਨ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ 2011 ਵਿੱਚ ਪੰਜਾਬ ਸਰਕਾਰ ਦੀ “ਲੈਂਡ ਪੂਲਿੰਗ” ਨੀਤੀ ਤਹਿਤ ਐਕੁਆਇਰ ਕੀਤੀਆਂ ਗਈਆਂ ਸੀ, ਉਨ੍ਹਾਂ ਨੂੰ ਨਾ ਤਾਂ ਪਲਾਟ ਮਿਲੇ ਤੇ ਨਾ ਹੀ ਅੱਜ ਤੱਕ ਉਸ ਜ਼ਮੀਨ ਦਾ ਵਿਕਾਸ ਹੋਇਆ। ਇਸ ਕਾਰਨ ਬਹੁਤ ਸਾਰੇ ਕਿਸਾਨ ਵਿੱਤੀ ਤੰਗੀਆਂ ਕਾਰਨ ਆਪਣੀਆਂ ਧੀਆਂ ਦਾ ਵਿਆਹ ਵੀ ਨਹੀਂ ਕਰ ਸਕੇ।