ਸ਼ਿਮਲਾ ‘ਚ ਨਦੀ ਵਿੱਚ ਡਿੱਗੀ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਕਾਰ, 2 ਦੀ ਮੌਤ, 2 ਦੀ ਹਾਲਤ ਗੰਭੀਰ

Himachal News: ਸੂਚਨਾ ਮਿਲਦੇ ਹੀ ਪੁਲਿਸ ਅਤੇ ਨੇੜਲੇ ਲੋਕ ਮੌਕੇ ‘ਤੇ ਪਹੁੰਚ ਗਏ। ਬੱਚੇ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਬਚਾਏ ਗਏ ਚਾਰ ਲੋਕਾਂ ਚੋਂ 2 ਦੀ ਹਾਲਤ ਗੰਭੀਰ ਹੈ।
Shimla Car Accident: ਸ਼ਿਮਲਾ ‘ਚ ਚੌਪਾਲ ਸਬ-ਡਿਵੀਜ਼ਨ ਵਿੱਚ ਸ਼ਰਧਾਲੂਆਂ ਦੀ ਕਾਰ ਸਾਲਵੀ ਨਦੀ ਵਿੱਚ ਡਿੱਗ ਗਈ। ਹਾਦਸੇ ਵਿੱਚ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ 10 ਸਾਲਾ ਬੱਚਾ ਨਦੀ ਵਿੱਚ ਵਹਿ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਨੇੜਲੇ ਲੋਕ ਮੌਕੇ ‘ਤੇ ਪਹੁੰਚ ਗਏ। ਬੱਚੇ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਬਚਾਏ ਗਏ ਚਾਰ ਲੋਕਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ।
ਜਾਣਕਾਰੀ ਮੁਤਾਬਕ, ਇਹ ਹਾਦਸਾ ਨੇਰਵਾ ਥਾਣਾ ਖੇਤਰ ਦੇ ਜਮਰਾਡੀ ਨੇੜੇ ਹੋਇਆ, ਜਿੱਥੇ ਸ਼ਰਧਾਲੂਆਂ ਦੀ ਕਾਰ ਸਾਲਵੀ ਨਦੀ ਵਿੱਚ ਡਿੱਗ ਗਈ। ਹਾਦਸੇ ਵਿੱਚ ਸ਼ਾਮਲ ਸਾਰੇ ਲੋਕ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਸਨੀਕ ਹਨ, ਜੋ ਧਾਰਮਿਕ ਸਤਿਸੰਗ ਵਿੱਚ ਹਿੱਸਾ ਲੈਣ ਲਈ ਸ਼ਿਮਲਾ ਆਏ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਚੌਪਾਲ ਸੁਸ਼ਾਂਤ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਚਾਰ ਲੋਕਾਂ ਨੂੰ ਬਚਾ ਕੇ ਨੇਰਵਾ ਹਸਪਤਾਲ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।
ਪੁਲਿਸ ਅਤੇ ਬਚਾਅ ਟੀਮਾਂ ਨਦੀ ਵਿੱਚ ਵਹਿ ਗਏ ਬੱਚੇ ਦੀ ਭਾਲ ਕਰ ਰਹੀਆਂ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।