ਡਾ. ਬਲਜੀਤ ਕੌਰ ਨੇ ਜ਼ਿਲ੍ਹਾ ਬਠਿੰਡਾ ਦੇ ਆਂਗਣਵਾੜੀ ਕੇਂਦਰਾਂ ਦੀ ਕੀਤੀ ਅਚਨਚੇਤ ਚੈਕਿੰਗ

Bathinda News: ਲਾਭਪਾਤਰੀਆਂ ਨੇ ਆਂਗਣਵਾੜੀ ਕੇਂਦਰਾਂ ਦੁਆਰਾ ਦਿੱਤੀਆਂ ਜਾਂਦੀਆਂ ਪੌਸ਼ਟਿਕ ਗੁਣਵੱਤਾ ਅਤੇ ਸੇਵਾਵਾਂ ‘ਤੇ ਤਸੱਲੀ ਪ੍ਰਗਟਾਈ।
Dr. Baljit Kaur: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬਠਿੰਡਾ ਅਰਬਨ ਦੇ ਪਿੰਡ ਭੋਖੜਾ ਅਤੇ ਪਿੰਡ ਬਾਜਕ ਵਿਖੇ ਸਥਿਤ ਆਂਗਣਵਾੜੀ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਠਿੰਡਾ ਅਰਬਨ ਦੇ ਪਿੰਡ ਭੋਖੜਾ ਵਿਖੇ ਆਂਗਣਵਾੜੀ ਸੈਂਟਰ ਵਿੱਚ ਕਰਵਾਈ ਗਈ ਗ੍ਰੈਫਟੀ ਅਤੇ ਐਸ.ਐਨ.ਪੀ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਐਸ.ਐਨ.ਪੀ. ਲਾਭਪਾਤਰੀਆਂ ਅਤੇ ਬਜੁਰਗਾਂ ਨਾਲ ਪੈਨਸ਼ਨ ਸਬੰਧੀ ਵੀ ਗੱਲਬਾਤ ਕੀਤੀ ਗਈ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪਿੰਡ ਬਾਜਕ ਵਿਖੇ ਨਰੇਗਾ ਦੇ ਸਹਿਯੋਗ ਨਾਲ ਬਣਾਈ ਗਈ ਆਂਗਣਵਾੜੀ ਸੈਂਟਰ ਦੀ ਬਿਲਡਿੰਗ ਦਾ ਦੋਰਾ ਕੀਤਾ ਗਿਆ। ਪੂਰਕ ਪੋਸ਼ਣ ਪ੍ਰੋਗਰਾਮ (ਐਸ.ਐਨ.ਪੀ) ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਸਮੇਤ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਲਾਭਪਾਤਰੀਆਂ ਨੇ ਆਂਗਣਵਾੜੀ ਕੇਂਦਰਾਂ ਦੁਆਰਾ ਦਿੱਤੀਆਂ ਜਾਂਦੀਆਂ ਪੌਸ਼ਟਿਕ ਗੁਣਵੱਤਾ ਅਤੇ ਸੇਵਾਵਾਂ ‘ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੈਟਰਾਂ ਦੇ ਦੌਰੇ ਦੌਰਾਨ ਮਿੱਠਾ, ਨਮਕੀਨ ਦਲੀਆ ਅਤੇ ਪ੍ਰੀਮਿਕਸ ਖਿਚੜੀ ਨੂੰ ਮੌਕੇ ਤੇ ਪਕਵਾ ਕੇ ਕੁਆਲਿਟੀ ਚੈਕ ਕੀਤੀ ਗਈ। ਇਸ ਤੋਂ ਇਲਾਵਾ ਬਜੁਰਗਾਂ ਨਾਲ ਪੈਨਸ਼ਨ ਸਬੰਧੀ ਅਤੇ ਮਹਿਲਾ ਲਾਭਪਾਤਰੀਆਂ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਰੀਵਿਊ ਕੀਤਾ ਗਿਆ।
ਬੱਚਿਆਂ ਦੇ ਬੌਧਿਕ ਅਤੇ ਰਚਨਾਤਮਕ ਵਿਕਾਸ ਦਾ ਮੁਲਾਂਕਣ ਕਰਨ ਲਈ, ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਹੋਰ ਗਤੀਵਿਧੀਆਂ ਨੂੰ ਸੁਣਿਆ। ਉਹਨਾਂ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਕੀਤੇ ਗਏ ਸ਼ਲਾਘਾਯੋਗ ਯਤਨਾਂ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸਮਰਪਣ ਅਤੇ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।
ਡਾ. ਬਲਜੀਤ ਕੌਰ ਨੇ ਪੰਜਾਬ ਭਰ ਵਿੱਚ ਬਚਪਨ ਦੀ ਸ਼ੁਰੂਆਤੀ ਦੇਖਭਾਲ ਨੂੰ ਮਜ਼ਬੂਤ ਕਰਨ ਅਤੇ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।