ਬਾਰਿਸ਼ ਨੇ ਨਰਮੇ ਦੀ ਫਸਲ ਦਾ ਕੀਤਾ ਨੁਕਸਾਨ, ਪੁੱਤਾਂ ਵਾਂਗ ਪਾਲੀ ਫ਼ਸਲ ਵਾਹੁਣ ਲੱਗੇ ਕਿਸਾਨ

Abohar Agriculture News: ਅਬੋਹਰ ਦੇ ਪਿੰਡ ਕੰਧ ਵਾਲਾ ਅਮਰਕੋਟ ਵਿੱਚ ਕਿਸਾਨਾਂ ਨੇ 100 ਏਕੜ ਦੇ ਕਰੀਬ ਨਰਮੇ ਦੀ ਫਸਲ ਤਿਆਰ ਹੋਣ ਤੋਂ ਪਹਿਲਾਂ ਹੀ ਖੇਤਾਂ ਵਿੱਚ ਵਾਹ ਦਿੱਤਾ।
Rain Damages Cotton Crop in Punjab: ਪੰਜਾਬ ‘ਚ ਬਾਰਿਸ਼ ਕਈ ਥਾਵਾਂ ‘ਤੇ ਲੋਕਾਂ ਲਈ ਰਾਹਤ ਦੇ ਨਾਲ-ਨਾਲ ਆਫਤ ਲੈ ਕੇ ਵੀ ਆਈ ਹੈ। ਸੂਬੇ ‘ਚ ਬਾਰਿਸ਼ ਜਿੱਥੇ ਝੋਨੇ ਦੀ ਫਸਨ ਲਈ ਵਰਦਾਨ ਸਾਬਿਤ ਹੋ ਰਹੀ ਹੈ ਉੱਥੇ ਹੀ ਬਾਰਿਸ਼ ਨੇ ਨਰਮੇ ਦੀ ਫਸਲ ਦਾ ਨੁਕਸਾਨ ਕੀਤਾ ਹੈ। ਅਬੋਹਰ ‘ਚ ਪੁੱਤਾਂ ਵਾਂਗੂ ਪਾਲੀ ਨਰਮੇ ਦੀ ਫਸਲ ਨੂੰ ਮਜਬੂਰ ਹੋਇਆ ਕਿਸਾਨ ਵਾਹੁਣ ਲੱਗ ਗਿਆ ਹੈ।
ਅਬੋਹਰ ਦੇ ਪਿੰਡ ਕੰਧ ਵਾਲਾ ਅਮਰਕੋਟ ਵਿੱਚ ਕਿਸਾਨਾਂ ਨੇ 100 ਏਕੜ ਦੇ ਕਰੀਬ ਨਰਮੇ ਦੀ ਫਸਲ ਨੂੰ ਤਿਆਰ ਹੋਣ ਤੋਂ ਪਹਿਲਾਂ ਹੀ ਖੇਤਾਂ ਵਿੱਚ ਵਾਹ ਦਿੱਤਾ। ਕਿਸਾਨਾਂ ਵੱਲੋਂ ਨਰਮੇ ਦੀ ਫਸਲ ‘ਤੇ ਹੁਣ ਤੱਕ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਵੀ ਕੀਤਾ ਜਾ ਚੁੱਕਿਆ ਹੈ।
ਪਿੰਡ ਦੇ ਕਿਸਾਨ ਬਲਰਾਜ ਦਾ ਕਹਿਣਾ ਹੈ ਕਿ ਉਸ ਨੇ ਠੇਕੇ ‘ਤੇ ਜ਼ਮੀਨ ਲੈ ਨਰਮੇ ਦੀ ਫਸਲ ਬੀਜੀ ਸੀ। ਪਰ ਅਗਸਤ ‘ਚ ਹੁਣ ਤੱਕ ਹੋਈ ਭਾਰੀ ਬਾਰਿਸ਼ ਕਾਰਨ ਨਰਮੇ ਦੀ ਫਸਲ ਵਿੱਚ ਪਾਣੀ ਖੜ੍ਹ ਗਿਆ ਜਿਸ ਕਾਰਨ ਨਰਮੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ। ਨਾਲ ਹੀ ਉਸਨੇ ਕਿਹਾ ਕਿ ਉਸਦੀ ਫਸਲ ਤਿਆਰ ਹੋ ਚੁੱਕੀ ਸੀ, ਫਸਲ ‘ਤੇ ਦੋ ਸਪਰੇਆਂ, ਖਾਦ ,ਬੀਜ ਅਤੇ ਵਾਹੀ ‘ਤੇ ਕਰੀਬ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਕੀਤਾ।
ਨਰਮੇ ਦੀ ਥਾਂ ਕਿਸਾਨ ਲਗਾਉਣਾ ਚਾਹੁੰਦਾ ਝੋਨਾ
ਪਰ ਹੁਣ ਬਾਰਿਸ਼ ਕਾਰਨ ਫਸਲ ਦੇ ਖ਼ਰਾਬ ਹੋਣ ਕਰਕੇ ਉਹ ਆਪਣੀ ਫਸਲ ਵਾਹੁਣ ਲਈ ਮਜਬੂਰ ਹੋ ਗਿਆ ਹੈ। ਕਿਸਾਨ ਨੇ ਇਹ ਵੀ ਦੱਸਿਆ ਕਿ ਉਹ ਹੁਣ ਇੱਥੇ ਬਾਸਮਤੀ ਜਾਂ ਝੋਨਾ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਪਰ ਉਸਨੂੰ ਕਿਧਰੇ ਵੀ ਬਾਸਮਤੀ ਅਤੇ ਝੋਨੇ ਦੀ ਪਨੀਰੀ ਨਹੀਂ ਮਿਲ ਰਹੀ। ਕਿਸਾਨ ਬਲਰਾਜ ਦਾ ਕਹਿਣਾ ਹੈ ਕਿ ਬਾਸਮਤੀ ਅਤੇ ਝੋਨੇ ਦੀ ਪਨੀਰੀ ਦੀ ਬਹੁਤ ਕਮੀ ਆ ਰਹੀ ਹੈ।
ਇਸ ਦੇ ਨਾਲ ਹੀ ਕਿਸਾਨ ਸ਼ੰਕਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਰੂਟਾਵੇਟਰ ਨਾਲ ਨਰਮੇ ਦੀ ਖਰਾਬ ਹੋਈ ਫਸਲ ਵਾਹੀ ਜਾ ਰਹੀ ਹੈ। ਕਈ ਕਿਸਾਨਾਂ ਨੇ ਉਸ ਨੂੰ ਨਰਮੇ ਦੀ ਫਸਲ ਨੂੰ ਵਾਹੁਣ ਦੇ ਲਈ ਕਿਹਾ ਹੈ ਜਿਸ ਕਾਰਨ ਉਸ ਨੇ ਹੁਣ ਤੱਕ ਪਿੰਡ ਵਿੱਚ ਕਰੀਬ 100 ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ।