ਪੰਜਾਬ ‘ਚ ਖੁਦਕੁਸ਼ੀ ਕਰਨ ਵਾਲੇ 538 ਲੋਕਾਂ ਨੂੰ ਟੈਲੀ-ਮਾਨਸ ਹੈਲਪ ਲਾਈਨ ਨੇ ਬਚਾਇਆ, ਹੈਲਪ ਲਾਈਨ ‘ਤੇ ਸਭ ਤੋਂ ਵੱਧ ਕਾਲਾਂ ਅੰਮ੍ਰਿਤਸਰ ਤੋਂ

Suicide Cases in Punjab: ਹਾਸਲ ਜਾਣਕਾਰੀ ਮੁਤਾਬਕ ਮਈ 2023 ਵਿੱਚ ਸ਼ੁਰੂ ਕੀਤੀ ਗਈ ਇਸ ਹੈਲਪ ਲਾਈਨ ‘ਤੇ ਹੁਣ ਤੱਕ 24,002 ਕਾਲਾਂ ਪ੍ਰਾਪਤ ਹੋਈਆਂ, ਜੋ ਕਿ ਕੁੱਲ 14,425 ਲੋਕਾਂ ਵਲੋਂ ਕੀਤੀਆਂ ਗਈਆਂ।
Tele Manas Helpline: ਟੈਲੀ-ਮਾਨਸ ਹੈਲਪ ਲਾਈਨ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਜਿਹੜੇ ਸਮਾਜਕ ਰਿਸ਼ਤਿਆਂ ‘ਚ ਆਏ ਤਣਾਅ ਤੋਂ ਪੀੜਤ ਹਨ ਅਤੇ ਇਨ੍ਹਾਂ ਪਰੇਸ਼ਾਨੀਆਂ ਕਾਰਨ ਨੀਰਸ ਜੀਵਨ ਜਿਊਣ ਲਈ ਮਜਬੂਰ ਹੋ ਜਾਂਦੇ ਹਨ। ਇਸੇ ਕਰਕੇ ਕਈ ਤਾਂ ਖੁਦਕੁਸ਼ੀ ਕਰਕੇ ਆਪਣਾ ਜੀਵਨ ਸਮਾਪਤ ਕਰਨ ਵਰਗੇ ਕਦਮ ਵੀ ਚੁੱਕ ਲੈਂਦੇ ਹਨ।
ਪਰ ਪੰਜਾਬ ‘ਚ ਟੈਲੀ-ਮਾਨਸ ਹੈਲਪ ਲਾਈਨ ਰਾਹੀਂ ਪਿਛਲੇ ਦੋ ਸਾਲਾਂ ਵਿੱਚ 538 ਲੋਕਾਂ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ ਗਿਆ। ਖੁਦਕੁਸ਼ੀ ਜਿਹਾ ਕਦਮ ਚੁੱਕਣ ਤੋਂ ਪਹਿਲਾਂ, ਉਨ੍ਹਾਂ ਨੇ ਟੈਲੀ-ਮਾਨਸ ਹੈਲਪ ਲਾਈਨ ‘ਤੇ ਕਾਲ ਕੀਤੀ ਅਤੇ ਮਾਹਿਰਾਂ ਦੀ ਸਲਾਹ ਨੇ ਉਨ੍ਹਾਂ ਦਾ ਫੈਸਲਾ ਬਦਲ ਦਿੱਤਾ। ਇਸ ਸਰਕਾਰੀ ਹੈਲਪ ਲਾਈਨ ਦਾ ਕੰਟਰੋਲ ਰੂਮ ਅੰਮ੍ਰਿਤਸਰ ਵਿੱਚ ਸਥਾਪਤ ਹੈ।
ਹੈਲਪ ਲਾਈਨ ‘ਤੇ ਸਭ ਤੋਂ ਵੱਧ ਕਾਲਾਂ ਅੰਮ੍ਰਿਤਸਰ ਤੋਂ
ਹਾਸਲ ਜਾਣਕਾਰੀ ਮੁਤਾਬਕ ਮਈ 2023 ਵਿੱਚ ਸ਼ੁਰੂ ਕੀਤੀ ਗਈ ਇਸ ਹੈਲਪ ਲਾਈਨ ‘ਤੇ ਹੁਣ ਤੱਕ 24,002 ਕਾਲਾਂ ਪ੍ਰਾਪਤ ਹੋਈਆਂ, ਜੋ ਕਿ ਕੁੱਲ 14,425 ਲੋਕਾਂ ਵਲੋਂ ਕੀਤੀਆਂ ਗਈਆਂ। ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਣਾਈ ਗਈ ਇਸ ਹੈਲਪ ਲਾਈਨ ‘ਤੇ ਸਭ ਤੋਂ ਵੱਧ ਕਾਲਾਂ ਅੰਮ੍ਰਿਤਸਰ (4,644) ਤੋਂ ਆਈਆਂ।
ਇਸ ਤੋਂ ਬਾਅਦ ਗੁਰਦਾਸਪੁਰ (995), ਲੁਧਿਆਣਾ (756), ਮੋਹਾਲੀ (613) ਅਤੇ ਤਰਨਤਾਰਨ (602) ਤੋਂ ਵੀ ਕਾਲਾਂ ਪ੍ਰਾਪਤ ਹੋਈਆਂ। ਰਿਕਾਰਡ ਮੁਤਾਬਕ 18-30 ਸਾਲ ਦੇ ਨੌਜਵਾਨ ਸਭ ਤੋਂ ਵੱਧ ਪਰੇਸ਼ਾਨ ਹਨ। ਕਿਉਂਕਿ, ਅੱਧੀਆਂ ਕਾਲਾਂ ਇਸ ਉਮਰ ਸਮੂਹ ਦੇ ਲੋਕਾਂ ਦੁਆਰਾ ਕੀਤੀਆਂ ਗਈਆਂ ਹਨ। ਕਾਲ ਕਰਨ ਵਾਲਿਆਂ ਚੋਂ 4.4% 13 ਤੋਂ 17 ਸਾਲ ਦੇ ਵਿਚਕਾਰ ਹਨ। ਇਨ੍ਹਾਂ ਵਿੱਚ ਰਿਲੇਸ਼ਨਸ਼ਿਪ ਅਤੇ ਪ੍ਰੀਖਿਆ ਤਣਾਅ ਸੀ।
ਹੈਲਪ ਲਾਈਨ ‘ਤੇ ਆਏ ਕੁੱਝ ਕੇਸਾਂ ਬਾਰੇ ਪੜ੍ਹੋ
ਕੇਸ-1: ਪਛਾਣ ਦੀ ਉਲਝਣ ਅਤੇ OCD ਨਾਲ ਜੂਝ ਰਿਹਾ ਨੌਜਵਾਨ… ਇੱਕ ਨੌਜਵਾਨ ਸਮਲਿੰਗੀ ਸੀ। ਉਹ ਪਰਿਵਾਰ ਅਤੇ ਸਮਾਜ ਦੇ ਤਾਅਨਿਆਂ ਕਾਰਨ ਮਾਨਸਿਕ ਤੌਰ ‘ਤੇ ਟੁੱਟਿਆ ਹੋਇਆ ਸੀ, ਤੇ ਡਿਪਰੈਸ਼ਨ, ਚਿੰਤਾ ਅਤੇ OCD ਤੋਂ ਪੀੜਤ ਸੀ। ਵਾਰ-ਵਾਰ ਹੱਥ ਧੋਣਾ ਉਸਦੀ ਆਦਤ ਬਣ ਗਈ ਸੀ। ਉਸਨੇ ਟੈਲੀ-ਮਾਨਸ ‘ਤੇ ਕਾਲ ਕਰਕੇ ਮਦਦ ਮੰਗੀ। ਕੌਂਸਲਰ ਨੇ ਉਸ ਨੂੰ ਡੂੰਘੇ ਸਾਹ ਲੈਣ ਦੀ ਕਸਰਤ ਦੱਸੀ ਤੇ ਉਸਨੂੰ ਸਰੀਰਕ ਥੈਰੇਪੀ ਲਈ ਰੈਫ਼ਰ ਕੀਤਾ। ਇਲਾਜ ਤੋਂ ਬਾਅਦ ਉਸਦੀ ਹਾਲਤ ਵਿੱਚ ਸੁਧਾਰ ਹੋਇਆ। ਇਹ ਕੇਸ ਦਰਸਾਉਂਦਾ ਹੈ ਕਿ ਸਮੇਂ ਸਿਰ ਮਿਲੀ ਮਦਦ ਨਾਲ, ਕੋਈ ਵੀ ਮਾਨਸਿਕ ਬਿਮਾਰੀਆਂ ਤੋਂ ਬਾਹਰ ਨਿਕਲ ਸਕਦਾ ਹੈ।
ਕੇਸ-2: ਦੰਦਾਂ ਦੇ ਆਕਾਰ ਨੇ ਆਤਮਵਿਸ਼ਵਾਸ ਨੂੰ ਤੋੜ ਦਿੱਤਾ ਸੀ… ਇੱਕ 28 ਸਾਲਾਂ ਮਹਿਲਾ ਨੂੰ ਆਪਣੇ ਦੰਦਾਂ ਦੇ ਆਕਾਰ ਬਾਰੇ ਹੀਣ ਭਾਵਨਾ ਸੀ। ਉਸਨੂੰ ਲੱਗਦਾ ਸੀ ਕਿ ਲੋਕ ਉਸਦੀ ਮੁਸਕਰਾਹਟ ਦਾ ਮਜ਼ਾਕ ਉਡਾਉਂਦੇ ਹਨ। ਇਸ ਕਾਰਨ, ਉਸਨੇ ਦਫਤਰ ਜਾਣਾ ਬੰਦ ਕਰ ਦਿੱਤਾ ਅਤੇ ਚਿੰਤਾ ਅਤੇ ਉਦਾਸੀ ਵਿੱਚ ਸੀ। ਟੈਲੀ-ਮਾਨਸ ‘ਤੇ ਕਾਲ ਤੋਂ ਬਾਅਦ, ਉਸਨੂੰ 5 ਕਾਊਸਲਿੰਗ ਸੈਸ਼ਨ ਦਿੱਤੇ ਗਏ। ਡੂੰਘੇ ਸਾਹ ਲੈਣ ਅਤੇ Positive Body Image ‘ਤੇ ਕੰਮ ਕੀਤਾ। ਮਹਿਲਾ ਨੇ ਤਬਦੀਲੀ ਮਹਿਸੂਸ ਕੀਤੀ ਤੇ ਮੁੜ ਦਫ਼ਤਰ ਜਾਣਾ ਸ਼ੁਰੂ ਕੀਤਾ।
ਕੇਸ-3: ਇੱਕ 30 ਸਾਲਾਂ ਨੌਜਵਾਨ ਦਾ ਚਾਰ ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ। ਸਦਮੇ ‘ਚ ਉਸਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ ਅਤੇ ਟੈਲੀ-ਮਾਨਸ ਹੈਲਪਲਾਈਨ ‘ਤੇ ਕਾਲ ਕੀਤੀ। ਇਹ ਮਾਮਲਾ ਐਮਰਜੈਂਸੀ ਸੀ। ਉਸਦੇ ਦੋਸਤਾਂ ਅਤੇ ਸਥਾਨਕ ਪੁਲਿਸ ਨਾਲ ਤੁਰੰਤ ਸੰਪਰਕ ਕੀਤਾ ਗਿਆ। ਮਾਹਿਰਾਂ ਨੇ ਉਸਨੂੰ ਥੈਰੇਪੀ ਦਿੱਤੀ ਅਤੇ ਉਸਦੀ ਕਾਊਸਲਿੰਗ ਸ਼ੁਰੂ ਹੋ ਗਈ। ਹੁਣ ਉਹ ਨਿਯਮਤ ਸੈਸ਼ਨ ਲੈ ਰਿਹਾ ਹੈ ਅਤੇ ਬਿਹਤਰ ਮਹਿਸੂਸ ਕਰ ਰਿਹਾ ਹੈ।
ਕੇਸ-4: 34 ਸਾਲਾਂ ਮਹਿਲਾ ਦਾ ਪੁੱਤਰ ਬੋਲਾ ਸੀ। ਪਤੀ ਦੂਜਾ ਬੱਚਾ ਚਾਹੁੰਦਾ ਸੀ, ਪਰ ਉਹ ਮਾਨਸਿਕ ਤੌਰ ‘ਤੇ ਤਿਆਰ ਨਹੀਂ ਸੀ। ਦੋਵਾਂ ਵਿਚਕਾਰ ਗੱਲਬਾਤ ਬੰਦ ਹੋ ਗਈ ਤੇ ਮਹਿਲਾ ਨੂੰ Panic Attacks ਤੇ Anxiety ਹੋਣ ਲੱਗ ਪਈ। ਉਸਨੇ ਟੈਲੀ-ਮਾਨਸ ਨੂੰ ਫੋਨ ਕੀਤਾ। ਕੌਂਸਲਰ ਨੇ ਪਤੀ ਨੂੰ ਵੀ ਗੱਲਬਾਤ ਵਿੱਚ ਸ਼ਾਮਲ ਕੀਤਾ ਅਤੇ ਜੋੜੇ ਦੀ ਕਾਊਸਲਿੰਗ ਸ਼ੁਰੂ ਕੀਤੀ। ਹੁਣ ਦੋਵੇਂ ਰਿਸ਼ਤੇ ਵਿੱਚ ਸੁਧਾਰ ਮਹਿਸੂਸ ਕਰ ਰਹੇ ਹਨ।